ਆਸਟ੍ਰੇਲੀਆ ਵਿੱਚ 16 ਸਾਲ ਤੋਂ ਘੱਟ ਉਮਰ ਵਾਲਿਆਂ ਲਈ ਸੋਸ਼ਲ ਮੀਡੀਆ 'ਤੇ ਘੱਟੋ-ਘੱਟ ਉਮਰ ਬਾਰੇ ਸੰਸਦੀ ਗਵਾਹੀ
28 ਅਕਤੂਬਰ 2025
ਅੱਜ, ਜੈਨੀਫਰ ਸਟਾਊਟ, ਸਾਡੀ SVP, ਗਲੋਬਲ ਨੀਤੀ ਅਤੇ ਪਲੇਟਫ਼ਾਰਮ ਸੰਚਾਲਨ, ਦੇਸ਼ ਦੇ ਸੋਸ਼ਲ ਮੀਡੀਆ 'ਤੇ ਘੱਟੋ-ਘੱਟ ਉਮਰ ਦੇ ਕਾਨੂੰਨ ਬਾਰੇ ਚਰਚਾ ਕਰਨ ਲਈ ਆਸਟ੍ਰੇਲੀਆਈ ਸੰਸਦ ਵਿੱਚ ਗਵਾਹੀ ਦੇਣ ਲਈ Meta ਅਤੇ TikTok ਨਾਲ ਸ਼ਾਮਲ ਹੋਏ। ਤੁਸੀਂ ਜੈਨੀਫਰ ਦਾ ਸ਼ੁਰੂਆਤੀ ਬਿਆਨ ਹੇਠਾਂ ਪੜ੍ਹ ਸਕਦੇ ਹੋ।
+++
ਮੈਂ ਸੋਸ਼ਲ ਮੀਡੀਆ 'ਤੇ ਘੱਟੋ-ਘੱਟ ਉਮਰ ਦੇ ਕਾਨੂੰਨ ਪ੍ਰਤੀ Snap ਦੇ ਰਵੱਈਏ 'ਤੇ ਚਰਚਾ ਕਰਨ ਲਈ ਕਮੇਟੀ ਦੇ ਸਾਹਮਣੇ ਪੇਸ਼ ਹੋਣ ਦੇ ਮੌਕੇ ਦੀ ਸ਼ਲਾਘਾ ਕਰਦੀ ਹਾਂ।
Snapchat ਸੁਨੇਹਾ ਭੇਜਣ ਵਾਲੀ ਐਪ ਹੈ ਅਤੇ ਹਮੇਸ਼ਾ ਤੋਂ ਰਹੀ ਹੈ। ਇਸ ਦੀ ਸਥਾਪਨਾ ਤੋਂ ਹੀ Snapchat ਨੂੰ ਨਜ਼ਦੀਕੀ ਦੋਸਤਾਂ ਨਾਲ ਪਲ ਵਿੱਚ ਗੱਲਬਾਤ ਕਰਨ ਵਿੱਚ ਮਦਦ ਕਰਨ ਲਈ ਬਣਾਇਆ ਸੀ — ਫੋਟੋਆਂ, ਵੀਡੀਓਜ਼ ਅਤੇ ਚੈਟਾਂ ਰਾਹੀਂ ਜੁੜੇ ਰਹਿਣ ਲਈ ਜੋ ਅਸਲ ਜੀਵਨ ਨੂੰ ਦਰਸਾਉਂਦੀਆਂ ਹਨ।
ਹਾਲਾਂਕਿ ਅਸੀਂ ਸਾਲਾਂ ਤੋਂ ਵਿਸ਼ੇਸ਼ਤਾਵਾਂ ਸ਼ਾਮਲ ਕੀਤੀਆਂ ਹਨ, ਪਰ ਸੁਨੇਹਾ ਭੇਜਣਾ Snapchat ਦਾ ਮੁੱਖ ਉਦੇਸ਼ ਬਣਿਆ ਹੋਇਆ ਹੈ ਅਤੇ ਅੱਜ ਵੀ ਸਾਡੇ ਭਾਈਚਾਰੇ ਵੱਲੋਂ ਇਸ ਦੀ ਵਰਤੋਂ ਕਰਨ ਦਾ ਮੁੱਖ ਤਰੀਕਾ ਹੈ।
ਸਰਕਾਰ ਨੇ ਰਿਆਇਤ ਦੇ ਨਿਯਮ ਬਣਾਏ ਹਨ ਜੋ ਉਹਨਾਂ ਪਲੇਟਫ਼ਾਰਮਾਂ ਨੂੰ ਘੱਟੋ-ਘੱਟ ਉਮਰ ਦੀ ਲੋੜ ਤੋਂ ਛੋਟ ਦਿੰਦੇ ਹਨ ਜਿਨ੍ਹਾਂ ਦਾ ਇੱਕੋ ਇੱਕ ਜਾਂ ਮੁੱਖ ਉਦੇਸ਼ ਸੁਨੇਹਾ ਭੇਜਣਾ, ਆਵਾਜ਼ੀ ਜਾਂ ਵੀਡੀਓ ਕਾਲ ਕਰਨਾ ਹੈ। ਉਨ੍ਹਾਂ ਨੇ ਅਜਿਹਾ ਇਸ ਲਈ ਕੀਤਾ ਕਿਉਂਕਿ ਉਨ੍ਹਾਂ ਨੂੰ ਸਮਝ ਆ ਗਈ ਕਿ ਨੌਜਵਾਨਾਂ ਨੂੰ ਦੋਸਤਾਂ ਅਤੇ ਪਰਿਵਾਰ ਨਾਲ ਗੱਲਬਾਤ ਕਰਨ ਦੇ ਯੋਗ ਹੋਣ ਦੀ ਲੋੜ ਹੈ।
ਆਸਟ੍ਰੇਲੀਆ ਵਿੱਚ Snapchat 'ਤੇ ਬਿਤਾਇਆ 75% ਤੋਂ ਵੱਧ ਸਮਾਂ ਸੁਨੇਹੇ ਭੇਜਣ ਅਤੇ ਕਾਲਾਂ ਕਰਨ ਵਿੱਚ ਲੰਘਦਾ ਹੈ — ਇਹੋ ਜਿਹੀਆਂ ਸਹੂਲਤਾਂ ਜੋ WhatsApp, Messenger ਅਤੇ iMessage ਵਰਗੀਆਂ ਸੇਵਾਵਾਂ 'ਤੇ ਵਰਤੀਆਂ ਜਾਂਦੀਆਂ ਹਨ, ਜਿਨ੍ਹਾਂ ਸਾਰਿਆਂ ਨੂੰ ਇਨ੍ਹਾਂ ਪਾਬੰਦੀਆਂ ਤੋਂ ਬਾਹਰ ਰੱਖਿਆ ਹੈ। ਹਾਲਾਂਕਿ, ਇਸ ਦੇ ਬਾਵਜੂਦ Snapchat ਨੂੰ ਉਮਰ-ਸੀਮਿਤ ਸੋਸ਼ਲ ਮੀਡੀਆ ਸੇਵਾ ਵਜੋਂ ਵਰਗੀਕ੍ਰਿਤ ਕੀਤਾ ਗਿਆ ਹੈ।
ਅਸੀਂ ਇਸ ਵਿਆਖਿਆ ਨਾਲ ਸਹਿਮਤ ਨਹੀਂ ਹਾਂ। ਅਸੀਂ ਈ-ਸੁਰੱਖਿਆ ਕਮਿਸ਼ਨਰ ਨੂੰ ਪੱਕੇ ਸਬੂਤ ਦਿੱਤੇ ਹਨ ਜੋ ਦਿਖਾਉਂਦੇ ਹਨ ਕਿ Snapchat ਦਾ ਮੁੱਖ ਉਦੇਸ਼ ਸੁਨੇਹਾ ਭੇਜਣਾ ਹੈ, ਜੋ ਸਰਕਾਰ ਦੇ ਦੱਸੇ ਰਵੱਈਏ ਦੇ ਅਨੁਸਾਰ ਹੈ।
ਹਾਲਾਂਕਿ ਅਸੀਂ ਕਾਨੂੰਨ ਦੀ ਪਾਲਣਾ ਕਰਾਂਗੇ, ਭਾਵੇਂ ਸਾਨੂੰ ਲੱਗਦਾ ਹੈ ਕਿ ਇਸ ਨੂੰ ਇਕਸਾਰ ਤਰੀਕੇ ਨਾਲ ਲਾਗੂ ਨਹੀਂ ਕੀਤਾ ਗਿਆ ਅਤੇ ਕਾਨੂੰਨ ਵਿੱਚ ਭਾਈਚਾਰੇ ਦੇ ਵਿਸ਼ਵਾਸ ਨੂੰ ਕਮਜ਼ੋਰ ਕਰਨ ਦਾ ਖਤਰਾ ਪੈਦਾ ਹੁੰਦਾ ਹੈ।
10 ਦਸੰਬਰ ਤੋਂ ਅਸੀਂ 16 ਸਾਲ ਤੋਂ ਘੱਟ ਉਮਰ ਦੇ ਆਸਟ੍ਰੇਲੀਆਈ Snapchatters ਦੇ ਖਾਤਿਆਂ ਨੂੰ ਅਯੋਗ ਕਰ ਦੇਵਾਂਗੇ।
ਅਸੀਂ ਜਾਣਦੇ ਹਾਂ ਕਿ ਉਨ੍ਹਾਂ ਨੌਜਵਾਨਾਂ ਲਈ ਇਹ ਮੁਸ਼ਕਲ ਹੋਵੇਗਾ ਜੋ ਆਪਣੇ ਨਜ਼ਦੀਕੀ ਦੋਸਤਾਂ ਅਤੇ ਪਰਿਵਾਰ ਨਾਲ ਗੱਲਬਾਤ ਕਰਨ ਲਈ Snapchat ਦੀ ਵਰਤੋਂ ਕਰਦੇ ਹਨ। ਕਿਸ਼ੋਰਾਂ ਲਈ ਮੇਲਜੋਲ ਅਤੇ ਗੱਲਬਾਤ ਉਨ੍ਹਾਂ ਦੀ ਖੁਸ਼ੀ ਅਤੇ ਭਲਾਈ ਦੇ ਮੁੱਖ ਕਾਰਕ ਹੁੰਦੇ ਹਨ। ਇਸ ਨੂੰ ਹਟਾਉਣ ਨਾਲ ਉਹ ਸੁਰੱਖਿਅਤ ਨਹੀਂ ਹੁੰਦੇ — ਇਸ ਦੀ ਬਜਾਏ ਇਹ ਉਨ੍ਹਾਂ ਨੂੰ ਹੋਰ ਸੁਨੇਹਾ ਭੇਜਣ ਵਾਲੀਆਂ ਅਜਿਹੀਆਂ ਸੇਵਾਵਾਂ ਵੱਲ ਧੱਕ ਸਕਦਾ ਹੈ ਜਿਨ੍ਹਾਂ ਵਿੱਚ Snapchat ਵਰਗੀ ਸੁਰੱਖਿਆ ਅਤੇ ਪਰਦੇਦਾਰੀ ਉਪਾਅ ਨਹੀਂ ਹਨ।
ਅਸੀਂ ਨੌਜਵਾਨਾਂ ਨੂੰ ਆਨਲਾਈਨ ਸੁਰੱਖਿਅਤ ਰੱਖਣ ਦੇ ਸਰਕਾਰ ਦੇ ਟੀਚੇ ਨੂੰ ਸਾਂਝਾ ਕਰਦੇ ਹਾਂ, ਪਰ ਸਾਨੂੰ ਲੱਗਦਾ ਹੈ ਕਿ Snapchat 'ਤੇ ਉਨ੍ਹਾਂ ਦੀ ਗੱਲਬਾਤ ਕਰਨ ਦੀ ਸਮਰੱਥਾ ਨੂੰ ਸੀਮਿਤ ਕਰਨ ਨਾਲ ਇਹ ਨਤੀਜਾ ਹਾਸਲ ਨਹੀਂ ਹੋਵੇਗਾ।
ਅਸੀਂ ਇਸ ਪ੍ਰਕਿਰਿਆ ਦੌਰਾਨ ਜ਼ਿੰਮੇਵਾਰੀ ਅਤੇ ਪਾਰਦਰਸ਼ਤਾ ਨਾਲ ਕੰਮ ਕਰਾਂਗੇ, ਜਿਸ ਵਿੱਚ ਵਰਤੋਂਕਾਰਾਂ ਨੂੰ ਆਪਣੀ ਉਮਰ ਦੀ ਪੁਸ਼ਟੀ ਕਰਨ ਵਿੱਚ ਮਦਦ ਕਰਨਾ ਸ਼ਾਮਲ ਹੈ ਤਾਂ ਜੋ ਜੇ ਉਹ 16 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਹਨ, ਤਾਂ ਉਹ ਆਪਣੇ ਖਾਤੇ ਰੱਖ ਸਕਣ।
ਅਸੀਂ ਕਾਨੂੰਨ ਦੇ ਪੂਰੇ ਆਦਰ ਨਾਲ ਈ-ਸੁਰੱਖਿਆ ਕਮਿਸ਼ਨਰ ਅਤੇ ਸਰਕਾਰ ਨਾਲ ਰਚਨਾਤਮਕ ਤਰੀਕੇ ਨਾਲ ਕੰਮ ਕਰਨਾ ਜਾਰੀ ਰੱਖਾਂਗੇ, ਭਾਵੇਂ ਕਿ ਅਸੀਂ ਇਸ ਨਾਲ ਮੂਲ ਤੌਰ 'ਤੇ ਅਸਹਿਮਤ ਹਾਂ।
ਧੰਨਵਾਦ। ਮੈਨੂੰ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਵਿੱਚ ਖੁਸ਼ੀ ਹੋਈ।